ਅਸਕਾਈ 8 ਬਿੱਟਸ ਵਾਲਾ ਇੱਕ ਸੰਕੇਤ ਕੋਡ ਹੈ। ਇਸ ਵਿਚ 0 ਅਤੇ 1 ਦੇ ਮੇਲ ਨਾਲ 256 ਵੱਖ ਵੱਖ ਸੁਮੇਲ ਬਣ ਸਕਦੇ ਹਨ। ਸਧਾਰਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਵਿਚੇ ਕਿਸੇ ਭਾਸ਼ਾ ਦੇ 256 ਵੱਖ ਵੱਖ ਅੱਖਰਾਂ, ਅੰਕਾਂ, ਅਤੇ ਹੋਰਨਾਂ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਵਿਸ਼ਵ ਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ ਵੱਖ ਫੌਟਾਂ ਦੇ ਅੱਖਰਾਂ ਲਈ ਅਸਕਾਈ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਸਲ ਵਿਚ ਅਸਕਾਈ ਅੰਗਰੇਜ਼ੀ ਜਾਂ ਲਾਤੀਨੀ ਅਧਾਰਿਤ ਪ੍ਰਣਾਲੀ ਹੈ, ਕਿਉਂਕਿ ਮੁਢਲੇ ਪੜਾਅ ਦੀਆਂ ਸਾਰੀਆਂ ਕੰਪਿਊਟਰੀ ਖੋਜਾਂ ਅੰਗਰੇਜ਼ੀ ਭਾਸ਼ਾ ਵਿਚ ਹੋਈਆਂ ਸਨ, ਇਸ ਲਈ ਸਾਡਾ ਕੰਪਿਊਟਰ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਅੰਗਰੇਜ਼ੀ ਲਈ ਵਧੇਰੇ ਅਨੁਕੂਲ ਹੈ। ਜਿਵੇਂ- ਜਿਵੇਂ ਖੋਜ ਕਾਰਜਾਂ ਵਿਚ ਵਾਧਾ ਹੋਇਆ ਤਾਂ ਭਾਸ਼ਾ ਨੂੰ ਪਿਆਰ ਕਰਨ ਵਾਲੇ ਖੋਜ ਪਿਆਰਿਆਂ ਨੇ ਆਪਣੀ-ਆਪਣੀ ਮਾਤ ਭਾਸ਼ਾ ਵਿਚ ਫੌਂਟ ਤਿਆਰ ਕੀਤੇ। ਸਾਲ 1984 ਦੇ ਕਰੀਬ ਪੰਜਾਬੀ (ਗੁਰਮੁਖੀ) ਲਈ ਫੌਂਟਾਂ ਦੀ ਕਾਢ ਕੱਢੀ ਗਈ। ਸਮਾਂ ਪਾ ਕੇ ਪੰਜਾਬੀ ਭਾਸ਼ਾ ਲਈ ਕਈ ਫੌਂਟ ਤਿਆਰ ਹੋ ਗਏ। ਫੌਂਟ ਵਿਕਾਸਕਾਰਾਂ ਨੇ ਵੱਖ-ਵੱਖ ਫੌਂਟਾਂ ਲਈ ਕੀ-ਬੋਰਡ ਲੇਆਊਟ ਵੀ ਤਿਆਰ ਕੀਤੇ। ਮਿਸਾਲ ਵਜੋਂ ਜੇਕਰ ਇੱਕ ਫੌਂਟ ਵਿਚ ਕੰਮ ਕਰਦਿਆਂ ਕਿਸੇ ਬਟਨ ਤੋਂ ਊ ਪੈਂਦਾ ਹੈ ਤਾਂ ਉਸੇ ਬਟਨ ਨਾਲ ਕੁੱਝ ਹੋਰ ਪੈਂਦਾ ਹੈ। ਇਨ੍ਹਾਂ ਫੌਂਟਾਂ ਦਾ ਅਧਾਰ ਅਸਕਾਈ ਹੋਣ ਕਰਕੇ ਇਨ੍ਹਾਂ ਵਿਚ ਕਈ ਸਮੱਸਿਆਵਾਂ ਆ ਰਹੀਆਂ ਹਨ।